ਗੁਰਦਿਆਲ ਸਿੰਘ ਦੀਆਂ ਲਿਖਤਾਂ ਸਮਾਜ ਲਈ ਰਾਹ ਰੁਸ਼ਨਾਵਾ: ਸੜਕਨਾਮਾ
ਡਾ.ਸੁਰਜੀਤ ਬਰਾੜ ਨੇ ਸਾਹਿਤਕ ਦੇਣ ਤੇ ਕੀਤੀ ਮੁੱਲਵਾਨ ਚਰਚਾ
ਜੈਤੋ, 10 ਜਨਵਰੀ (ਹਰਮੇਲ ਪਰੀਤ )- ਪੰਜਾਬੀ ਦੇ ਨਾਮਵਰ ਲੇਖਕ ਪਦਮਸ੍ਰੀ ਪ੍ਰੋ: ਗੁਰਦਿਆਲ ਸਿੰਘ ਦਾ ਜਨਮ ਦਿਨ ਪੋਸਟ ਗ੍ਰੈਜ਼ੂਏਟ ਪੰਜਾਬੀ ਵਿਭਾਗ ਯੂਨੀਵਰਸਿਟੀ ਕਾਲਜ ਜੈਤੋ, ਪੀ.ਐੱਸ.ਯੂ (ਸ਼ਹੀਦ ਰੰਧਾਵਾ), ਸ਼ਹੀਦ ਭਗਤ ਸਿੰਘ ਵਿਚਾਰ ਮੰਚ ਜੈਤੋ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਸਹਿਯੋਗ ਨਾਲ ਗੁਰਦਿਆਲ ਸਿੰਘ ਦਿਵਸ ਵਜੋਂ ਮਨਾਇਆ ਗਿਆ। ਇੱਥੋਂ ਦੇ ਯੂਨੀਵਰਸਿਟੀ ਕਾਲਜ ਵਿਖੇ ਕਰਵਾਏ ਗਏ ਸਮਾਗ਼ਮ ਮੌਕੇ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਅਤੇ ਨਾਮਵਰ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਵੱਲੋਂ ਪੋ੍ .ਗੁਰਦਿਆਲ ਸਿੰਘ ਦੀ ਸਖ਼ਸ਼ੀਅਤ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਗੁਰਦਿਆਲ ਸਿੰਘ ਨੇ ਆਪਣੇ ਨਾਵਲਾਂ, ਕਹਾਣੀਆਂ ਅਤੇ ਹੋਰ ਰਚਨਾਵਾਂ ਨਾਲ ਸਮਾਜ ਦੇ ਹਾਸ਼ੀਆਗਤ ਕਿਰਤੀ/ਕਾਮਿਆਂ ਦੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਜੂਝਣ ਲਈ ਹਲੂਣਾ ਦਿੱਤਾ। ਉਨ੍ਹਾਂ ਕਿਹਾ ਗੁਰਦਿਆਲ ਸਿੰਘ ਸਮਾਜ ਦੇੇ ਸੱਭਿਆਚਾਰਕ, ਆਰਥਿਕ ਅਤੇ ੇਰਾਜਨੀਤਕ ਪ੍ਰਬੰਧ ਬਾਰੇ ਡੂੰਘੀ ਸੋਚ ਰੱਖਣ ਵਾਲਾ ਸਾਹਿਤਕਾਰ ਸੀ। ਉਨ੍ਹਾਂ ਦੱਸਿਆ ਕਿ ਗੁਰਦਿਆਲ ਸਿੰਘ ਖੁਦ ਨੇ ਆਪਣੇ ਜੀਵਨ ਵਿਚ ਸਖ਼ਤ ਘਾਲਣਾ ਘਾਲੀ ਅਤੇ ਅਕਾਦਮਿਕ ਖੇਤਰ ਵਿਚ ਉੱਚਾ ਸਥਾਨ ਹਾਸਿਲ ਕੀਤਾ ਅਤੇ ਇਵੇਂ ਉਸ ਦੇ ਪਾਤਰ ਵੀ ਦਰਪੇਸ਼ ਮੁਸ਼ਕਿਲਾਂ ਨਾਲ ਜੂਝਦੇ ਹਨ। ਉਹ ਸਪਸ਼ਟ ਰੂਪ ਵਿਚ ਸਿਸਟਮ ਨੂੰ ਬਲਦਣ ਦਾ ਸੁਨੇਹਾ ਦੇਣ ਵਾਲਾ ਸਾਹਿਤ ਰਚਦਾ ਰਿਹਾ ਹੈ। ਡਾ. ਬਰਾੜ ਨੇ ਕਿਹਾ ਕਿ ਗੁਰਦਿਆਲ ਸਿੰਘ ਦਾ ਬਾਲ ਸਾਹਿਤ ਵਿਚ ਵੀ ਵੱਡਾ ਕੰਮ ਹੈ ਉਨ੍ਹਾਂ ਦਾ ਬਾਲ ਸਾਹਿਤ ਕਿਸੇ ਵੀ ਬਾਲ ਨੂੰ ਸੋਝੀਵਾਨ ਮਨੁੱਖ ਬਣਾਉਣ ਦੇ ਸਮਰੱਥ ਹੈ।
ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਗੁਰਦਿਆਲ ਸਿੰਘ ਜਿੱਥੇ ਵੱਡਾ ਸਾਹਿਤਕਾਰ ਸੀ ਓਥੇ ਬਹੁਤ ਹੀ ਹਲੀਮੀ ਭਰੇ ਸੁਭਾਅ ਦਾ ਮਾਲਿਕ ਨੇਕ ਵਿਅਕਤੀ ਸੀ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਦਾ ਹਾਸਲ ਇਹੀ ਹੈ ਕਿ ਉਸ ਦੇ ਜਹਾਨੋਂ ਤੁਰ ਜਾਣ ਬਾਅਦ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਯਾਦ ਕੀਤਾ ਜਾ ਰਿਹਾ ਹੈ, ਅਜਿਹਾ ਮਾਣ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਦੀਆਂ ਲਿਖਤਾਂ ਸਮਾਜ ਲਈ ਰਾਹ ਰੁਸ਼ਨਾਵਾ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਗੁਰਦਿਆਲ ਸਿੰਘ ਨਾਵਲਾਂ ਵਿਚ ਯਥਾਰਥਵਾਦ ਦੀ ਲੀਹ ਤੋਰਨ ਵਾਲਾ ਪਹਿਲਾ ਲੇਖਕ ਹੈ। ਜਿਸ ਦੀਆਂ ਲਿਖਤਾਂ ਸੰਘਰਸ਼ਸ਼ੀਲ ਧਿਰਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ।
ਇਸ ਮੌਕੇ ਪ੍ਰੋਂ ਪ੍ਰਮਿੰਦਰ ਸਿੰਘ ਤੱਗੜ ਤੇ ਲੇਖਕ ਅਸ਼ੋਕ ਚੱਟਾਨੀ ਨੇ ਵੀ ਪ੍ਰੋ. ਗੁਰਦਿਆਲ ਸਿੰਘ ਦੀ ਸਖ਼ਸ਼ੀਅਤ ਅਤੇ ਲਿਖਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮੋਹਣ ਸਿੰਘ ਵਾੜਾ ਭਾਈਕਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਜ਼ਦੂਰ ਆਗੂ ਕਰਮਜੀਤ ਸਿੰਘ ਸੇਵੇਵਾਲਾ ਨੇ ਬਾਖੂਬੀ ਨਿਭਾਈ। ਇਸ ਮੌਕੇ ਇੱਕ ਮਤਾ ਪਾਸ ਕਰਕੇ ਆਪ ਸਰਕਾਰ ਵੱਲੋਂ ਨਾਮਵਰ ਪੰਜਾਬੀ ਅਖ਼ਬਾਰਾਂ ਦੇ ਇਸ਼ਤਿਹਾਰ ਬੰਦ ਕਰਨ ਦੀ ਕਾਰਵਾਈ ਨੂੰ ਜਮਹੂਰੀਅਤ ਦਾ ਗਲਾ ਘੁੱਟਣ ਵਾਲਾ ਕਦਮ ਕਰਾਰ ਦਿੰਦਿਆਂ ਇਹ ਗੈਰ ਜਮਹੂਰੀ ਕਦਮ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਸੂਬਾ ਸਿੰਘ ਰਾਮੇਆਣਾ ਤੇ ਬੂਟਾ ਸਿੰਘ, ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂ ਗਗਨਦੀਪ ਦਬੜੀਖਾਨਾ ਤੇ ਰਵਿੰਦਰ ਸੇਵੇਵਾਲਾ , ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੁਰਭਗਤ ਸਿੰਘ ਭਲਾਈਆਣਾ ਅਤੇ ਕਲਮਕਾਰ ਰਾਮ ਸਵਰਨ ਲੱਖੇਵਾਲੀ ਤੇ ਹਰਮੇਲ ਪਰੀਤ ਵੀ ਮੌਜੂਦ ਸਨ ।
ਸਮਾਗਮ ਦੀ ਸ਼ੁਰੂਆਤ ਜਸਕਰਨ ਸਿੰਘ ਕੋਟਗੁਰੂ , ਬਿੱਕਰਜੀਤ ਸਿੰਘ ਪੂਹਲਾ ਅਤੇ ਅਰਸ਼ ਦਬੜੀਖਾਨਾ ਦੇ ਗੀਤਾਂ ਨਾਲ਼ ਕੀਤੀ ਗਈ।