ਪੀਣ ਵਾਲੇ ਪਾਣੀ ਦੀ ਕਿੱਲਤ ਲਈ ਜਿਲ੍ਹਾ ਪ੍ਸਾਸ਼ਨ ਜਿੰਮੇਵਾਰ- ਜਮਹੂਰੀ ਅਧਿਕਾਰ ਸਭਾ
ਬਠਿੰਡਾ, 11 ਜਨਵਰੀ (ਹਰਮੇਲ ਪਰੀਤ) ਤਿੰਨ ਹਫ਼ਤਿਆਂ ਲਈ ਕੀਤੀ ਨਹਿਰੀ ਬੰਦੀ ਕਾਰਨ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਪੇਂਡੂ ਖੇਤਰਾਂ ਤੇ ਮੰਡੀਆ ਚ ਪਾਣੀ ਦੀ ਆਈ ਕਿਲਤ ਲਈ ਪ੍ਸਾਸ਼ਨ ਦੀ ਬੇਧਿਆਨੀ ਤੇ ਬੇਤਰਤੀਬੀ ਨੂੰ ਜਿੰਮੇਵਾਰ ਠਹਿਰਾਉ਼ਦਿਆਂ ਅੱਜ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਚ ਜਨਤਕ ਜਥੇਬੰਦੀਆਂ, ਜਿਹਨਾਂ ਵਿੱਚ ਪੰਜਾਬੀ ਸਾਹਿਤ ਸਭਾ,ਤਰਕਸ਼ੀਲ ਸੁਸਾਇਟੀ,ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ,ਏਕਤਾ ਵੈਲਫੇਅਰ ਸੁਸਾਇਟੀ ਸ਼ਾਮਲ ਸਨ,ਦੇ ਇੱਕ ਵਫਦ ਨੇ ਐਡੀਸ਼ਨ ਡਿਪਟੀ ਕਮਿਸ਼ਨਰ (ਜਨਰਲ) ਬਠਿੰਡਾ ਨੂੰ ਇੱਕ ਮੰਗ ਪੱਤਰ ਦਿੱਤਾ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਨਰਲ ਸਕੱਤਰ ਪਿ੍ਤਪਾਲ ਸਿੰਘ ਤੇ ਪੈ੍ਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਸ਼ਹਿਰੀਆਂ ਤੇ ਕਿਸਾਨਾਂ ਨੂੰ ਨਹਿਰੀ ਬੰਦੀ ਦੌਰਾਨ ਹਰ ਵਾਰੀ ਪਾਣੀ ਦੀ ਤੋਟ ਦਾ ਸਾਹਮਣਾ ਕਰਨਾ ਪੈੰਦਾ ਹੈ ਕਿਉਂਕਿ ਪਾਣੀ ਸਪਲਾਈ ਸਬੰਧੀ ਕੋਈ ਵਿਉਂਤਬੰਦੀ ਨਾ ਹੋਣ ਕਰਕੇ ਨਹਿਰੀ ਮਹਿਕਮਾ ਤੇ ਨਗਰ ਨਿਗਮ ਬਠਿੰਡਾ ਲੋਕਾਂ ਦੀ ਇਸ ਲੋੜ ਨੂੰ ਵੀ ਪੂਰਾ ਕਰਨ ਤੋਂ ਅਸਮਰਥ ਰਹਿੰਦਾ ਹੈ। ਮਿਉੰਸਪਲ ਕਾਰਪੋਰੇਸ਼ਨ ਵਲੋਂ ਬਠਿੰਡਾ ਸ਼ਹਿਰ ਦੀ ਲੋੜ ਮੁਤਾਬਕ ਸਟੋਰੇਜ ਟੈੰਕ ਪੂਰੀ ਗਿਣਤੀ ਚ ਬਣਾਉਂਣੇ ਅਜੇ ਬਾਕੀ ਹਨ। ਜੋ ਬਣੇ ਹਨ ਉਹਨਾਂ ਚੋਂ ਕੁੱਝ ਦੀ ਹੀ ਸਫਾਈ ਕੀਤੀ ਹੈ,ਬਾਕੀਆਂ ਦੀ ਸਫਾਈ (desillting) ਕਰਵਾਉਣੀ ਵੀ ਅਜੇ ਰਹਿੰਦੀ ਹੈ ਭਾਵ ਉਹਨਾਂ ਚੋਂ ਗਾਰ ਬਾਹਰ ਨਹੀਂ ਕੱਢੀ,ਜਿਸ ਕਰਕੇ ਉਹਨਾਂ ਦੀ ਪਾਣੀ ਸਟੋਰ ਕਰਨ ਦੀ ਸਮਰਥਾ ਕਾਫੀ ਘਟ ਚੁੱਕੀ ਹੈ। ਵਾਰ ਵਾਰ ਹੁੰਦੀ ਨਹਿਰੀ ਬੰਦੀ ਤੋਂ ਵੀ ਲੋਕ ਅੱਕ ਚੁੱਕੇ ਹਨ।
ਬੀਤੇ ਨਵੰਬਰ ਮਹੀਨੇ ਕਰੀਬ ਇੱਕ ਮਹੀਨਾ ਨਹਿਰ ਬੰਦ ਰਹੀ। ਬਠਿੰਡਾ ਸ਼ਹਿਰ ਦੀ 3 ਲੱਖ 82 ਹਜ਼ਾਰ ਵਸੋਂ ਮੁਤਾਬਕ ਨਹਿਰੀ ਪਾਣੀ ਦੀ ਰਹਿੰਦੀ ਘਾਟ ਨੂੰ ਵਕਤੀ ਤੌਰ ਤੇ ਪੂਰਾ ਕਰਨ ਲਈ ਲੋੱੜੀਦੀ ਗਿਣਤੀ ਵਿੱਚ ਡੂੰਘੇ ਟਿਉੂਬਵੈਲ ਨਹੀਂ ਲੱਗੇ ਹੋਏ। ਅਸਰ-ਰਸੂਖ ਵਾਲੇ ਲੋਕਾਂ ਨੇ ਆਪਣੇ ਘਰਾਂ ਦੀ ਸਪਲਾਈ ਵੱਡੀਆਂ ਪਾਇਪਾ ਰਾਹੀਂ ਵੱਡੀਆਂ ਟੈੰਕੀਆਂ ਨਾਲ ਸਿੱਧੀ ਜੋੜ ਰੱਖੀ ਹੈ, ਜਦ ਕਿ ਆਮ ਲੋਕਾਂ ਨੂੰ ਪਾਣੀ ਭਰਨ ਲਈ ਮੋਟਰਾਂ ਚਲਾ ਕੇ ਵਾਰ ਵਾਰ ਪਾਣੀ ਆਂਉੰਦਾ ਵੇਖਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿਉਂਕਿ ਉਹਨਾਂ ਲਈ ਇਸ ਵਾਰੀ ਤਾਂ ਪਾਣੀ ਸਪਲਾਈ ਦੇ ਸਮੇਂ ਦਾ ਸ਼ਡਿਉੂਲ ਵੀ ਜਾਰੀ ਨਹੀਂ ਕੀਤਾ ਗਿਆ।
ਲਾਈਨੋਂਪਾਰ ਸ਼ਹਿਰ ਦੀਆਂ ਬਸਤੀਆਂ ਵਿੱਚ ਤਾਂ ਲੋੜੀਂਦੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚੱਲਦੀ ਰਹਿੰਦੀ ਹੈ,ਜੋ ਨਹਿਰੀ ਬੰਦੀ ਕਾਰਨ ਵੱਧ ਗੰਭੀਰ ਹੋ ਜਾਂਦੀ ਹੈ। ਪਾਣੀ ਲੋਕਾਂ ਦੀ ਬੁਨਿਆਦੀ ਲੋੜ ਹੈ,ਜਿਸ ਨੂੰ ਯਕੀਨੀ ਬਣਾਉਣਾ ਸਰਕਾਰ ਦਾ ਫਰਜ ਹੈ। ਵਫਦ ਨੇ ਮੰਗ ਕੀਤੀ ਕਿ ਬਠਿੰਡਾ ਸ਼ਹਿਰ,ਮੰਡੀਆਂ ਅਤੇ ਪੇਂਡੂ ਇਲਾਕਿਆਂ ਵਿੱਚ ਪੀਣ ਵਾਲ਼ੇ ਪਾਣੀ ਦੀ ਘਰਾਂ ਤੱਕ ਸਪਲਾਈ ਯਕੀਨੀ ਬਣਾੳਣ ਲਈ ਉੱਥੇ ਬਣੇ ਸਟੋਰੇਜ ਟੈਂਕਾਂ ਦੀ ਸਮਰੱਥਾ ਵਧਾਈ ਜਾਵੇ। ਸਮੇਂ ਸਿਰ ਉਹਨਾਂ ਦੀ ਸਫਾਈ ਹੁੰਦੀ ਰਹੇ। ਜਿੱਥੇ ਕਿਤੇ ਪਾਣੀ ਦੀਆਂ ਡਿੱਗੀਆਂ ਵਿੱਚੋਂ ਗਾਰ ਕੱਢਣ ਦਾ ਕੰਮ ਅਜੇ ਬਾਕੀ ਹੈ ਉਹ ਫੌਰੀ ਤੌਰ ਤੇ ਕਰਵਾਇਆ ਜਾਵੇ। ਐਮਰਜੰਸੀ ਦੀ ਹਾਲਤ ਚ ਪਾਣੀ ਦੀ ਸਪਲਾਈ ਵਧਾਉਣ ਲਈ ਹੋਰ ਵੱਧ ਗਿਣਤੀ ਵਿੱਚ ਡੂੰਘੇ ਟਿਊਬਵੈੱਲ ਲਾਏ ਜਾਣ। ਜਿੱਥੇ ਟਿਊਬਵੈੱਲ ਬੰਦ ਪਏ ਹਨ ਉਨ੍ਹਾਂ ਨੂੰ ਵੀ ਤੁਰੰਤ ਚਾਲੂ ਕੀਤਾ ਜਾਵੇ। ਥਰਮਲ ਝੀਲ ਨੂੰ ਪਾਣੀ ਸਪਲਾਈ ਨਾਲ ਜੋੜਨ ਤੋਂ ਪਹਿਲਾਂ ਉਸ ਦੀ ਪੂਰੀ ਸਫਾਈ ਕਰਵਾ ਕੇ ਸਾਫ ਸੁਥਰਾ ਪਾਣੀ ਭਰਿਆ ਜਾਵੇ। ਲੰਬੇ ਸਮੇਂ ਦੀਆਂ ਨਹਿਰੀ ਬੰਦੀਆਂ ਵਾਰ ਵਾਰ ਨਾ ਕੀਤੀਆਂ ਜਾਣ। ਲੋਕਾਂ ਤੇ ਕਿਸਾਨਾਂ ਦੀਆਂ ਲੋੜਾਂ ਦਾ ਖਿਆਲ ਰੱਖਿਆ ਜਾਵੇ।