ਫੇਰਬਦਲ : ਆਖ਼ਰ ਸਰਾਰੀ ਹੋਏ ਵਜ਼ਾਰਤ ਤੋਂ ਬਾਹਰ, ਡਾ. ਬਲਵੀਰ ਸਿੰਘ ਬਣੇ ਮੰਤਰੀ
ਜੈਤੋ, 7 ਜਨਵਰੀ (ਹਰਮੇਲ ਪਰੀਤ)- ਪੰਜਾਬ ਦੇ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿਚ ਅੱਜ ਫੇਰ ਬਦਲ ਕੀਤਾ ਗਿਆ ਹੈ। ਭਿ੍ਰਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਅੱਜ ਸਵੇਰੇ ਅਸਤੀਫ਼ਾ ਦੇ ਦਿੱਤਾ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਸਰਾਰੀ ਦੀ ਇੱਕ ਆਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਹਟਾਏ ਜਾਣ ਦੀ ਮੰਗ ਕਰਦੀਆਂ ਆ ਰਹੀਆਂ ਸਨ।
ਮੰਤਰੀ ਮੰਡਲ ਵਿਚ ਖਾਲੀ ਹੋਈ ਇਸ ਥਾਂ ਨੂੰ ਸ਼ਾਮੀਂ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਵੀਰ ਸਿੰਘ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਕੇ ਭਰ ਦਿੱਤਾ ਗਿਆ ।
ਡਾ. ਬਲਵੀਰ ਸਿੰਘ ਨੂੰ ਸਿਹਤ, ਮੈਡੀਕਲ ਸਿੱਖਆ ਤੇ ਖੋਜ ਅਤੇ ਚੋਣ ਵਿਭਾਗ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪੁਰਾਣੇ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ। ਇਸ ਤਹਿਤ ਜੇਲ੍ਹ ਵਿਭਾਗ ਹਰਜੋਤ ਬੈਂਸ ਤੋਂ ਵਾਪਸ ਲੈਲਿਆ ਗਿਆ ਹੈ ਤੇ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਇਸ ਵਿਭਾ ਨੂੰ ਦੇਖਣਗੇ। ਹਰਜੋਤ ਬੈਂਸ ਨੂੰ ਹੁਣ ਸਕੂਲ ਸਿੱਖਿਆ, ਉਚੇਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਵਿਭਾਗ ਦਿੱਤੇ ਗਏ ਹਨ। ਇਉਂ ਲਗਪਗ ਸਾਰਾ ਸਿੱਖਿਆ ਵਿਭਾਗ ਹੁਣ ਹਰਜੋਤ ਬੈਂਸ ਕੋਲ ਚਲਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਪਹਿਲਾਂ ਹੀ ਉਨ੍ਹਾਂ ਕੋਲ ਸੀ। ਗੁਰਮੀਤ ਸਿੰਘ ਮੀਤ ਹੇਅਰ ਨੂੰ ਹੁਣ ਖੇਡਾਂ, ਵਿਗਿਆਨ ਤੇ ਤਕਨੌਲਜੀ, ਪ੍ਰਸ਼ਾਸਨਿਕ ਸੁਧਾਰ, ਜਲ ਸਰੋਤ ਮਹਿਕਮਿਆਂ ਦੀ ਜ਼ਿੰਮੇਂਵਾਰੀ ਦਿੱਤੀ ਗਈ ਹੈ।
ਅਨਮੋਲ ਗਗਨ ਮਾਨ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗਾਂ ਦੇ ਨਾਲ ਨਾਲ ਪ੍ਰਾਹੁਣਚਾਰੀ ਵਿਭਾਗ ਵੀ ਦਿੱਤਾ ਗਿਆ ਹੈ। ਸਿਹਤ ਮੰਤਰੀ ਵਜੋਂ ਸੁਰਖ਼ੀਆਂ ’ਚ ਰਹੇ ਚੇਤਨ ਸਿੰਘ ਜੌੜਾ ਮਾਜਰਾ ਨੂੰ ਹੁਣ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਵਿਭਾਗ ਦਿੱਤੇ ਗਏ ਹਨ।