ਸ਼ਰਾਬ ਫੈਕਟਰੀ ਨੂੰ ਬੰਦ ਕੀਤੇ ਜਾਣ ਦੇ ਐਲਾਨ ਦੇ ਬਾਵਜੂਦ ਸਾਂਝੇ ਮੋਰਚੇ ਦਾ ਧਰਨਾ ਜਾਰੀ ਰਹੇਗਾ
ਮੁੱਖ ਮੰਤਰੀ ਪੰਜਾਬ ਵੱਲੋਂ ਜੀਰਾ ਦੀ ਸ਼ਰਾਬ ਫੈਕਟਰੀ ਨੂੰ ਬੰਦ ਕੀਤੇ ਜਾਣ ਦੇ ਐਲਾਨ ਦੇ ਬਾਵਜੂਦ ਸਾਂਝੇ ਮੋਰਚੇ ਦਾ ਧਰਨਾ ਜਾਰੀ ਰਹੇਗਾ। ਸਾਂਝੇ ਮੋਰਚੇ ਵੱਲੋਂ ਇਸ ਸਬੰਧੀ ਵੀਰਵਾਰ ਨੂੰ ਕੀਤੀ ਮੀਟਿੰਗ ਦੇ ਬਾਅਦ ਇਹ ਫੈਸਲਾ ਲਿਆ ਗਿਆ
ਫ਼ਿਰੋਜ਼ਪੁਰ : ਮੁੱਖ ਮੰਤਰੀ ਪੰਜਾਬ ਵੱਲੋਂ ਜੀਰਾ ਦੀ ਸ਼ਰਾਬ ਫੈਕਟਰੀ ਨੂੰ ਬੰਦ ਕੀਤੇ ਜਾਣ ਦੇ ਐਲਾਨ ਦੇ ਬਾਵਜੂਦ ਸਾਂਝੇ ਮੋਰਚੇ ਦਾ ਧਰਨਾ ਜਾਰੀ ਰਹੇਗਾ। ਸਾਂਝੇ ਮੋਰਚੇ ਵੱਲੋਂ ਇਸ ਸਬੰਧੀ ਵੀਰਵਾਰ ਨੂੰ ਕੀਤੀ ਮੀਟਿੰਗ ਦੇ ਬਾਅਦ ਇਹ ਫੈਸਲਾ ਲਿਆ ਗਿਆ ਕਿ ਜਿੰਨੀ ਦੇਰ ਸਰਕਾਰ ਫੈਕਟਰੀ ਬੰਦ ਕਰਨ ਸਬੰਧੀ ਲਿਖਤੀ ਨੋਟੀਫ਼ਿਕੇਸ਼ਨ ਨਹੀਂ ਦਿੰਦੀ ਉਨੀ ਦੇਰ ਤੱਕ ਧਰਨਾ ਜਾਰੀ ਰਹੇਗਾ। ਇਸ ਤੋਂ ਇਲਾਵਾ ਵੱਲੋਂ ਸਾਂਝੇ ਮੋਰਚੇ ਵੱਲੋਂ ਸਰਕਾਰ ਅੱਗੇ ਕਈ ਹੋਰ ਮੰਗਾਂ ਰੱਖੀਆਂ, ਜਿਨ੍ਹਾਂ ਦੀ ਪੂਰਤੀ ਦੇ ਬਾਅਦ ਹੀ ਧਰਨਾ ਚੁੱਕਿਆ ਜਾਵੇਗਾ। ਵੀਰਵਾਰ ਨੂੰ ਸਾਂਝੇ ਮੋਰਚੇ ਦੀ ਮੀਟਿੰਗ ਵਿੱਚ ਇਲਾਕੇ ਦੇ ਲੋਕ, ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਸ਼ਾਮਲ ਸਨ। ਇਸ ਦੌਰਾਨ ਸਾਂਝੇ ਮੋਰਚੇ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਬੀਤੇ 6 ਮਹੀਨਿਆਂ ਦੇ ਧਰਨੇ ਪਰਦਰਸ਼ਨ ਦੌਰਾਨ ਜਿਨ੍ਹਾਂ ਲੋਕਾਂ ਦੇ ਖਿਲਾਫ ਪਰਚੇ ਦਰਜ ਹੋਏ ਹਨ ,ਉਨ੍ਹਾਂ ਦੇ ਪਰਚੇ ਰੱਦ ਕੀਤੇ ਜਾਣ । ਇਲਾਕੇ ਦੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਾਲਜ ਅਦਾਲਤ ਵਿੱਚ ਲਗਾਏ ਗਏ ਹਨ,ਸਰਕਾਰ ਉਹ ਕਾਗਜ਼ ਵਾਪਸ ਕਰਵਾਏ । ਇਲਾਕੇ ਦੇ ਲੋਕਾ ,ਜਮੀਨਾਂ ,ਫ਼ਸਲਾਂ ਅਤੇ ਹੋਰ ਹੋਏ ਨੁਕਸਾਨ ਦੀ ਪੂਰਤੀ ਫੈਕਟਰੀ ਦੀ ਜ਼ਮੀਨ ਵੇਚ ਕੇ ਕੀਤੀ ਜਾਵੇ। ਫੈਕਟਰੀ ਦੇ ਮਾਲਕਾਂ ਦੇ ਖਿਲਾਫ ਇਰਾਦਾ ਕਤਲ ਦੇ ਮਾਮਲੇ ਦਰਜ ਕੀਤੇ ਜਾਣ। ਫੈਕਟਰੀ ਵਿਚ ਕੰਮ ਕਰਦੇ ਮੁਲਾਜ਼ਮਾਂ ਦੇ ਕੰਮ ਦਾ ਪ੍ਰਬੰਧ ਕੀਤਾ ਜਾਵੇ। ਫੈਕਟਰੀ ਦੇ ਪ੍ਰਦੂਸ਼ਣ ਕਾਰਨ ਗੰਭੀਰ ਬਿਮਾਰੀਆਂ ਨਾਲ ਮਾਰੇ ਗਏ ਇਲਾਕੇ ਦੇ ਲੋਕਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਸਾਂਝਾ ਮੋਰਚਾ ਆਗੂਆਂ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਇਹ ਸਾਰੀਆਂ ਸ਼ਰਤਾਂ ਮੰਨੀਆਂ ਨਹੀਂ ਜਾਂਦੀਆਂ ,ਉਨੀਂ ਦੇਰ ਧਰਨੇ ਜਾਰੀ ਰਹਿਣਗੇ।