ਹੁਸਨੈਨੀਵਾਲਾ ਤੋਂ ਜੀ. ਐੱਮ ਸਰੋਂ ਵਿਰੁੱਧ ਸੱਤਿਆਗ੍ਰਹਿ ਦਾ ਸ਼ੰਖਨਾਦ
ਕਾਰਪੋਰੇਟ ਕੰਪਨੀਟਾਂ ਜੀ.ਐੱਮ ਹਾਈਬਿ੍ਰਡ ਸਰੋਂ ਰਾਹੀਂ ਸਾਡੀ ਖੁਰਾਕ ਸੁਰੱਖਿਆ ਅਤੇ ਖੇਤੀ ਬਾੜੀ ਨਾਲ ਖੇਡ ਰਹੀਆ ਹਨ : ਓਮੇਂਦਰ ਦੱਤ
ਹਰਮੇਲ ਪਰੀਤ
ਹੁਸੈਨੀਵਾਲਾ / ਜੈਤੋ : ਅੱਜ ਜਦੋਂ ਦੇਸ਼ ਆਪਣਾਂ ਗਣਤੰਤਰ ਦਿਹਾੜਾ ਮਨਾ ਰਿਹਾ ਸੀ ਓਦੋਂ ਹੀ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ’ਤੋਂ ਜੀ. ਐੱਮ. ਸਰੋਂ ਵਿਰੁੱਧ ਸਰੋਂ ਦੇ ਸੱਤਿਅਗ੍ਰਹਿ ਦਾ ਬਿਜਲ ਵੱਜਿਆ। ਪੰਜਾਬ ਵਿਚ ਜ਼ਹਿਰ ਮੁਕਤ ਖੇਤੀ, ਸਿਹਤ ਤੇ ਵਾਤਾਵਰਣ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾ ਖੇਤੀ ਵਿਰਾਸਤ ਮਿਸ਼ਨ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਤੇ ਕਾਰਕੁੰਨ ਅੱਜ ਵੱਡੀ ਗਿਣਤੀ ਵਿਚ ਸ਼ਹੀਦਾਂ ਦੀ ਸਮਾਧ ’ਤੇ ਪਹੁੰਚੇ ਅਤੇ ਦੇਸੀ ਸਰੋਂ ਦੇ ਫੁੱਲ ਅਰਪਿਤ ਕਰਕੇ ਭਾਰਤੀ ਖੇਤੀ ਖੋਜ ਸੰਸਥਾਨ ਵੱਲੋਂ ਲਿਆਂਦੀ ਜਾ ਰਹੀ ਜੀ ਐਮ ਸਰੋਂ ਵਿਰੁੱਧ ਆਵਾਜ਼ ਬੁਲੰਦ ਕੀਤੀ।
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਓਮੇਂਦਰ ਦੱਤ ਨੇ ਕਿਹਾ ਕਿ ਕਾਰਪੋਰੇਟ ਕੰਪਨੀਟਾਂ ਜੀ.ਐੱਮ ਹਾਈਬਿ੍ਰਡ ਸਰੋਂ ਰਾਹੀਂ ਸਾਡੀ ਖੁਰਾਕ ਸੁਰੱਖਿਆ ਅਤੇ ਖੇਤੀ ਬਾੜੀ ਨਾਲ ਖੇਡ ਰਹੀਆ ਹਨ। ਉਨ੍ਹਾਂ ਕਿਹਾ ਕਿ ਜੀ. ਐੱਮ ਤਕਨੀਕ ਇਕ ਜ਼ਹਿਰੀਲੀ ਤਕਨੀਕ ਹੈ ਅਤੇ ਜੀ.ਐੱਮ. ਬੀ.ਟੀ. ਕਪਾਹ ਦੇ ਮਾਮਲੇ ਵਿਚ ਅਸਫ਼ਲ ਵੀ ਸਾਬਿਤ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੀਡੀਆ ਇੰਚਾਰਜ ਕਰਨ ਸਿੰਘ ਭੁੱਟੀਵਾਲਾ ਨੇ ਜੀ. ਐੱਮ. ਸਰੋਂ ਦੇ ਆਉਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਜੀਨ ਵਿਚ ਤਬਦੀਲੀ ਵਿਗਾੜ ਦਾ ਕਾਰਨ ਬਣਦੀ ਹੇ। ਉਨ੍ਹਾਂ ਸਵਾਲ ਉਠਾਇਆ ਕਿ ਸਰੋਂ ਦੀਆਂ ਦੇਸੀ ਕਿਸਮਾਂ ਚੰਗਾ ਝਾੜ ਦੇਣ ਦੇ ਸਮਰੱਥ ਹਨ ਤਾਂ ਫਿਰ ਜੀ ਐਮ ਸਰੋਂ ਕਿਉਂ ਲਿਆਂਦੀ ਜਾ ਰਹੀ ਹੈ? ਕਿਸਾਨ ਆਗੂ ਨੇ ਕਿਹਾ ਕਿ ਅਸਲ ਵਿਚ ਵਿਗਿਆਨ ਦੇ ਨਾਂਅ ’ਤੇ ਕਾਰਪੋਰੇਟ ਕੰਪਨੀਆਂ ਸਾਡੇ ਦੇਸੀ ਬੀਜਾਂ ਨੂੰ ਨਸ਼ਟ ਕਰਕੇ ਸਾਡੇ ਬੀਜਾਂ ’ਤੇ ਆਪਣੀ ਅਜ਼ਾਰੇਦਾਰੀ ਸਥਾਪਤ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇੱਕਜੁਟ ਹੋਕੇ ਸ਼ਾਂਤਮਈ ਢੰਗ ਨਾਲ ਇਸ ਦਾ ਵਿਰੋਧ ਕੀਤਾ ਜਾਵੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਜੀ. ਐੱਮ. ਸਰੋਂ ਦੇ ਟਰਾਇਲ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ।
ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜਨਰਲ ਸਕੱਤਰ ਬੇਅੰਤ ਸਿੰਘ ਨੇ ਜੀ. ਐੱਮ. ਸਰੋਂ ਨੂੰ ਮੱਖੀਆਂ ਲਈ ਘਾਤਕ ਦੱਸਦਿਆਂ ਇਸ ਦਾ ਸਖ਼ਤ ਵਿਰੋਧ ਕਰਨ ਦੀ ਅਪੀਲ ਕੀਤੀ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਬੇਅੰਤ ਸਿੰਘ ਦੋਦਾ ਨੇ ਜੀ. ਐੱਮ. ਸਰੋਂ ਬਾਰੇ ਅਖੌਤੀ ਵਿਗਿਆਨੀਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੋਂ ਤੋਂ ਨਕਾਰਦਿਆਂ ਕਿਹਾ ਕਿ ਸਾਡੀ ਵਿਰਾਸਤੀ ਸਰੋਂ ਝਾੜ ਅਤੇ ਤੇਲ ਦੀ ਮਾਤਰਾ ਦੇ ਪੱਖ ਤੋਂ ਕਿਤੇ ਬਿਹਤਰ ਹੈ।
ਖੇਤੀ ਵਿਰਾਸਤ ਮਿਸ਼ਨ ਦੇ ਸੀਨੀਅਰ ਆਰਗੈਨਿਕ ਫਾਰਮਰ ਬਲਜੀਤ ਸਿੰਘ ਕੰਗ ਨੇ ਜੀ. ਐੱਮ. ਸਰੋਂ ਦੇ ਮਧੂ ਮੱਖੀਆਂ ਅਤੇ ਸ਼ਹਿਦ ਦੀ ਪੈਦਾਵਾਰ ’ਤੇ ਪੈਣ ਵਾਲੇ ਮਾੜੇਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰੋਂ ਅਜੇ ਵੀ ਫੁੱਲਾਂ ’ਤੇ ਹੈ ਇਸ ਲਈ ਛੇਤੀ ਤੋਂ ਛੇਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜੀ. ਐੱਮ. ਸਰੋਂ ਦੀ ਬਿਜਾਈ ਰੁਕਵਾਈ ਜਾਵੇ।
ਮਿਸਲ ਸੁਤਲੁਜ ਦੇ ਨੁਮਇੰਦੇ ਦਵਿੰਦਰ ਸਿੰਘ ਸੇਖੋਂ ਨੇ ਕਿਸਾਨਾਂ ਅਤੇ ਕਿਸਾਨਾਂ ਦੇ ਹਿੱਤ ਕੰਮ ਕਰਨ ਵਾਲਿਆਂ ਨੂੰ ਇਸ ਸੰਘਰਸ਼ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।