Entertainment

ਅਮਰੀਕਾ ਵੱਸਦੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ !

Share
Lok Virasat Academy honored writer Parvez Sandhu

Ludhiana: ਅਮਰੀਕਾ ਦੇ ਵਾਸ਼ਿੰਗਟਨ ਸੂਬੇ ਚ ਵੱਸਦੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਪੰਜਾਬ ਫੇਰੀ ਤੇ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਪਰਵੇਜ਼ ਸੰਧੂ ਨੇ ਇਸ ਮੌਕੇ ਆਪਣੀ ਕਹਾਣੀ ਸਿਰਜਣ ਪ੍ਰਕ੍ਰਿਆ ਬਾਰੇ ਦੱਸਦਿਆਂ ਕਿਹਾ ਕਿ ਆਪਣੇ ਦਾਦਾ ਜੀ ਦੀਆਂ ਸਿਰਜਣਾਤਮਕ ਬਿਰਤੀਆਂ ਕਾਰਨ ਉਹ ਬਚਪਨ ਵਿੱਚ ਹੀ ਚੰਗਾ ਸਾਹਿੱਤ ਅੰਗਰੇਜ਼ੀ ਪੰਜਾਬੀ ਤੇ ਹਿੰਦੀ ਵਿੱਚ ਪੜ੍ਹਨ ਲੱਗ ਪਈ ਸੀ। ਚੌਥੀ ਪੰਜਵੀਂ ਜਮਾਤ ਵਿੱਚ ਉਸ ਦਾਦਾ ਜੀ ਦੀ ਰੀਸ ਕਰਦਿਆਂ ਡਾਇਰੀ ਲਿਖਣੀ ਆਰੰਭੀ ਪਰ ਉਸ ਵਿੱਚ ਉਹ ਹੋਰਨਾਂ ਦੀਆਂ ਲਿਖੀਆਂ ਮਨਪਸੰਦ ਰਚਨਾਵਾਂ ਨੂੰ ਹੀ ਲਿਖਦੀ। ਹੌਲੀ ਉਹ ਪਿੰਡ ਵਿੱਚੋਂ ਸੁਣੀਆਂ ਸੁਣਾਈਆਂ ਗੱਲਾਂ ਲਿਖਣ ਲੱਗ ਪਈ ਤੇ ਬਾਰਾਂ ਸਾਲ ਦੀ ਉਮਰ ਵਿੱਚ ਉਸ ਪਹਿਲੀ ਕਹਾਣੀ ਵਹੁਟੀ ਲਿਖੀ ਜੋ ਜਲੰਧਰ ਤੋਂ ਛਪਦੇ ਇੱਕ ਅਖ਼ਬਾਰ ਨੇ ਛਾਪੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪਰਵੇਜ਼ ਸੰਧੂ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਉਸ ਦੀਆਂ ਚਾਰ ਕਹਾਣੀ ਪੁਸਤਕਾਂ ਮੁੱਠੀ ਭਰ ਸੁਪਨੇ, ਟਾਹਣੀਉਂ ਟੁੱਟੇ, ਕੋਡ ਬਲੂ ਅਤੇ ਬਲੌਰੀ ਅੱਖ ਵਾਲਾ ਮੁੰਡਾ ਛਪ ਚੁਕੀਆਂ ਹਨ ਅਤੇ ਇੱਕ ਕਥਾ ਮੂਲਕ ਵਾਰਤਕ ਸੰਗ੍ਰਹਿ ਕੰਙਣੀ ਛਪ ਚੁਕਾ ਹੈ। ਇਨ੍ਹਾਂ ਪੰਜ ਪੁਸਤਕਾ ਨੂੰ ਪੰਜਾਬੀ ਪਿਆਰਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ,ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਤੇ ਮੀਤ ਪ੍ਰਧਾਨ ਤੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਵੀ ਇਸ ਮੌਕੇ ਹਾਜ਼ਰ ਸਨ।

Latest News, Punjab News, read most reliable Punjabi Khabran on website World Media USA