International

Vancouver Vichar Manch ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ ਨਾਲ ਸੰਵਾਦ (Surrey 30 ਨਵੰਬਰ ,ਹਰਦਮ ਮਾਨ)-

Share

Surrey Vancouver : ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਤੋਂ ਆਏ ਉੱਘੇ ਵਿਦਵਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ ਨਾਲ ਸੰਵਾਦ ਰਚਾਉਣ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਮੰਚ ਦੇ ਬੁਲਾਰੇ ਮੋਹਨ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਜਰਨੈਲ ਸਿੰਘ ਆਰਟਿਸਟ ਨੇ ਮੰਚ ਦੇ ਉਦੇਸ਼ ਸਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਵੈਨਕੂਵਰ ਵਿਚਾਰ ਮੰਚ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਖੇਤਰ ਦੇ ਕਲਾਕਾਰਾਂ, ਸਾਹਿਤਕਾਰਾਂ, ਪੱਤਰਕਾਰਾਂ, ਵਿਦਵਾਨਾਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਅਤੇ ਹਰ ਇਕ ਵਿਚਾਰਧਾਰਾ ਦਾ ਸਨਮਾਨ ਕਰਦਿਆਂ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ।
ਸੰਖੇਪ ਜਾਣ ਪਛਾਣ ਤੋਂ ਬਾਅਦ ਡਾ. ਐਸ.ਪੀ. ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤ, ਸਿੱਖਿਆ ਪ੍ਰਬੰਧ, ਸਰਕਾਰਾਂ ਵੱਲੋਂ ਯੂਨੀਵਰਸਿਟੀਆਂ, ਕਾਲਜਾਂ ਨੂੰ ਗਰਾਂਟਾਂ ਦੇਣ ਤੋਂ ਪਿੱਛੇ ਹਟਣਾ, ਪੰਜਾਬੀਆਂ ਵੱਲੋਂ ਹੱਥੀਂ ਕੰਮ ਕਰਨ ਨੂੰ ਮਿਹਣਾ ਸਮਝਣਾ, ਵਿਦੇਸ਼ੀਆਂ ਵੱਲੋਂ ਪੰਜਾਬ ਜਾ ਕੇ ਖੁੱਲ੍ਹੇ ਖਰਚ ਕਰਨੇ, ਵਾਤਾਵਰਣਕ ਸਮੱਸਿਆਵਾਂ, ਬਾਹਰਲੇ ਦੇਸ਼ਾਂ ਦੇ ਚੰਗੇਰੇ ਵਾਤਾਵਰਣ ਅਤੇ ਸਮਾਜਿਕ ਮਾਹੌਲ ਦੀ ਖਿੱਚ ਆਦਿ ਮਸਲਿਆਂ ਉੱਪਰ ਵਿਸ਼ੇਸ਼ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਸਭ ਕੁਝ ਹੋਣ ਦੇ ਬਾਵਜੂਦ ਪੰਜਾਬ ਫਿਰ ਵੀ ਮਾੜਾ ਨਹੀਂ ਸਗੋਂ ਚਿੰਤਾਜਨਕ ਤੱਥ ਇਹ ਹਨ ਕਿ ਪੰਜਾਬੀ ਚੁਣੌਤੀਆਂ ਨਾਲ ਨਜਿੱਠਣ ਦੀ ਬਜਾਏ ਮੌਕਿਆਂ ਦੀ ਤਲਾਸ਼ ਵਿਚ ਤਰਲੋਮੱਛੀ ਹੋ ਰਹੇ ਹਨ ਅਤੇ ਪੰਜਾਬ ਨੂੰ ਛੱਡ ਕੇ ਬਾਹਰ ਦਾ ਰੁਖ਼ ਅਪਨਾ ਰਹੇ ਹਨ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਭਾਰਤ ਦੇ ਦੂਜੇ ਰਾਜਾਂ ਤੋਂ ਪੰਜਾਬ ਵਿਚ ਆ ਰਿਹਾ ਮਜ਼ਦੂਰ ਵਰਗ ਸਭ ਚੁਣੌਤੀਆਂ ਨੂੰ ਕਬੂਲ ਕਰਦਾ ਹੋਇਆ ਪੰਜਾਬ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ਮਜ਼ਦੂਰੀ ਤੋਂ ਆਪਣਾ ਜੀਵਨ ਸ਼ੁਰੂ ਕਰਕੇ ਅੱਜ ਉਹ ਪੰਜਾਬ ਵਿਚ ਠੇਕੇਦਾਰ, ਬਿਜਨਸਮੈਨ ਅਤੇ ਕਾਰੋਬਾਰੀਏ ਬਣ ਗਏ ਹਨ। ਹਾਲਾਤ ਤਾਂ ਇੱਥੋਂ ਤੱਕ ਬਣ ਚੁੱਕੇ ਹਨ ਕਿ ਪੁਲਿਸ ਵਰਗੀਆਂ ਸਰਕਾਰੀ ਨੌਕਰੀਆਂ ਵਿਚ ਵੀ ਪੰਜਾਬੀ ਨੌਜਵਾਨਾਂ ਦੀ ਕੋਈ ਦਿਲਚਸਪੀ ਨਹੀਂ ਅਤੇ ਗ਼ੈਰ-ਪੰਜਾਬੀ ਲੋਕ ਪੁਲਿਸ ਭਰਤੀ ਲਈ ਅੱਗੇ ਆ ਰਹੇ ਹਨ। ਹੁਣ ਤਾਂ ਪੰਜਾਬੀ ਸਨਅਤਕਾਰਾਂ, ਅਮੀਰਾਂ ਅਤੇ ਸਰਦੇ ਪੁਜਦੇ ਲੋਕਾਂ ਵੱਲੋਂ ਵੀ ਵਿਦੇਸ਼ਾਂ ਵਿਚ ਆਪਣੇ ਕਾਰੋਬਾਰ ਅਤੇ ਪਰਿਵਾਰ ਸੈੱਟ ਕੀਤੇ ਜਾ ਰਹੇ ਹਨ।
ਇਕ ਸਵਾਲ ਦੇ ਜਵਾਬ ਵਿਚ ਡਾ. ਐਸ.ਪੀ. ਸਿੰਘ ਨੇ ਭਾਰਤ ਦੇ ਭਵਿੱਖ ਬਾਰੇ ਨਿਰਾਸ਼ਾ ਦਾ ਇਜ਼ਹਾਰ ਕਰਦਿਆਂ ਕਿ ਭਾਰਤ ਵਿਚ ਕੁਝ ਵੀ ਚੰਗਾ ਹੋਣ ਦੀ ਉਮੀਦ ਨਜ਼ਰ ਨਹੀਂ ਆ ਰਹੀ। ਕਾਮਰੇਡ ਨਵਰੂਪ ਸਿੰਘ ਅਤੇ ਭੁਪਿੰਦਰ ਸਿੰਘ ਮੱਲ੍ਹੀ ਵੱਲੋਂ ਵਿਸ਼ੇਸ਼ ਕਰਕੇ ਸਿੱਖਿਆ ਦੇ ਖੇਤਰ ਵਿਚ ਆਏ ਨਿਘਾਰ ਬਾਰੇ ਸਵਾਲਾਂ ਆਪਣੀ ਜਗਿਆਸਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਮਹਿੰਦਰਪਾਲ ਪਾਲ, ਬਖਸ਼ਿੰਦਰ, ਨਵਲਪ੍ਰੀਤ ਰੰਗੀ, ਹਰਦਮ ਸਿੰਘ ਮਾਨ, ਡਾ. ਚਰਨਜੀਤ ਸਿੰਘ, ਅਮਨ ਸੀ. ਸਿੰਘ, ਬਿੰਦੂ ਮਠਾੜੂ, ਜਸਬੀਰ ਮਾਨ ਅਤੇ ਜੈਸ ਗਿੱਲ ਸ਼ਾਮਲ ਹੋਏ। ਅੰਤ ਵਿਚ ਜਰਨੈਲ ਸਿੰਘ ਸੇਖਾ ਨੇ ਮੰਚ ਵੱਲੋਂ ਡਾ. ਐਸ.ਪੀ. ਸਿੰਘ ਅਤੇ ਹਾਜ਼ਰ ਦੋਸਤਾਂ ਦਾ ਧੰਨਵਾਦ ਕੀਤਾ।

Latest News, Punjab News, read most reliable Punjabi Khabran on website World Media USA

Tags :