CM ਭਗਵੰਤ ਮਾਨ ਨੇ ਬਠਿੰਡਾ ‘ਚ ਲਹਿਰਾਇਆ ਤਿਰੰਗਾ,ਕੀਤੇ ਵੱਡੇ ਐਲਾਨ
ਝਾਕੀ ਸ਼ਾਮਲ ਨਾ ਕਰ ਕੇ ਤੁਸੀਂ ਪੰਜਾਬ ਨੂੰ ਮਿਟਾ ਨਹੀਂ ਸਕਦੇ : ਭਗਵੰਤ ਮਾਨ
ਬਠਿੰਡਾ : ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ‘ਚ 74ਵੇਂ ਗਣਤੰਤਰ ਦਿਵਸ ਸਬੰਧੀ ਸਮਾਗਮ ‘ਚ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਫ਼ੀਸਦ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਰ ਸਾਹ ਪੰਜਾਬ ਦੇ ਵਿਕਾਸ ਲਈ ਹੈ। ਉਨ੍ਹਾਂ ਐਲਾਨ ਕੀਤਾ ਹਰ ਸਾਲ 2200 ਮੁਲਾਜ਼ਮਾਂ ਦੀ ਭਰਤੀ ਹੋਵੇਗੀ ਜਿਨ੍ਹਾਂ ਵਿਚੋਂ 1800 ਕਾਂਸਟੇਬਲ ਤੇ 400 ਹੈੱਡ ਕਾਂਸਟੇਬਲ ਹੋਣਗੇ। ਉਨ੍ਹਾਂ ਕਿਹਾ ਕਿ ਸਤੰਬਰ ‘ਚ ਪੇਪਰ, ਅਕਤੂਬਰ ‘ਚ ਫਿਜ਼ੀਕਲ ਟੈਸਟ, ਨਵੰਬਰ ‘ਚ ਰਿਜ਼ਲਟ ਤੇ ਦਸੰਬਰ ‘ਚ ਭਰਤੀ ਹੋ ਜਾਵੇਗੀ ਜਿਸ ਲਈ ਕਿਸੇ ਸਿਫਾਰਸ਼ ਜਾਂ ਕੋਟੇ ਦੀ ਲੋੜ ਨਹੀਂ ਪਵੇਗੀ। ਪੰਜਾਬੀ ਨੌਜਵਾਨਾਂ ਨੂੰ ਯੋਗਤਾ ਦੇ ਹਿਸਾਬ ਨਾਲ ਨੌਕਰੀ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਬੁਢਾਪਾ ਪੈਨਸ਼ਨ ਲੋਕਾਂ ਦੇ ਘਰਾਂ ਤਕ ਪਹੁੰਚੇਗੀ। ਪੰਜਾਬ ਨੂੰ ਮੈਡੀਕਲ ਹੱਬ ਬਣਾਵਾਂਗੇ। ਪੰਜਾਬ ਦਾ ਖਜ਼ਾਨਾ ਲੁੱਟਣ ਵਾਲਿਆਂ ਨੂੰ ਅੰਦਰ ਕੀਤਾ ਜਾਵੇਗਾ। ਪੰਜਾਬੀਆਂ ਦਾ ਨੁਕਸਾਨ ਕਰਨ ਵਾਲੀ ਕਿਸੇ ਵੀ ਫਾਈਲ ‘ਤੇ ਹਸਤਾਖ਼ਰ ਨਹੀਂ ਕਰਾਂਗਾ। ਨੌਜਵਾਨਾਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਬਾਹਰ ਨਹੀਂ ਜਾਣਾ ਪਵੇਗਾ। ਪੰਜਾਬ ‘ਚ 16 ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ। ਬਠਿੰਡਾ ‘ਚ ਨਵਾਂ ਤੇ ਡਿਜੀਟਲ ਬੱਸ ਸਟੈਂਡ ਬਣੇਗਾ ਜਿੱਥੋਂ ਇਲੈਕਟ੍ਰੌਨਿਕ ਬੱਸਾਂ ਚੱਲਣਗੀਆਂ ਜਿਨ੍ਹਾਂ ਦੀ ਟਿਕਟ ਵੀ ਫ੍ਰੀ ਹੋਵੇਗੀ। ਪੰਜਾਬ ਨੂੰ ‘ਮਿੰਨੀ ਗੋਆ’ ਵੀ ਕਿਹਾ ਜਾਂਦਾ ਹੈ। ਇਸ ਲਈ ਇੱਥੇ ਟੂਰਿਜ਼ਮ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਕਰਤਵਯ ਪਥ ‘ਤੇ ਦਿਖਾਈਆਂ ਜਾਣ ਵਾਲੀਆਂ ਝਾਕੀਆਂ ‘ਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਮਾੜੀ ਨੀਅਤ ਦਾ ਨਤੀਜਾ ਹੈ। ਪਰ ਝਾਕੀ ਸ਼ਾਮਲ ਨਾ ਕਰ ਕੇ ਤੁਸੀਂ ਪੰਜਾਬ ਨੂੰ ਮਿਟਾ ਨਹੀਂ ਸਕਦੇ।