Entertainment

ਰਣਵੀਰ ਰਾਣਾ ਦੇ ਗ਼ਜ਼ਲ ਸੰਗ੍ਰਹਿ ‘ਦਰਦ ਦਾ ਦਰਿਆ’ “ਤੇ ਗੋਸ਼ਟੀ ਕਰਵਾਈ !

Share
ਰਣਵੀਰ ਰਾਣਾ ਦੇ ਗ਼ਜ਼ਲ ਸੰਗ੍ਰਹਿ 'ਦਰਦ ਦਾ ਦਰਿਆ' "ਤੇ ਗੋਸ਼ਟੀ ਕਰਵਾਈ !

Barnala : ਗ਼ਜ਼ਲ ਮੰਚ ਬਰਨਾਲਾ ਵੱਲੋਂ ਚਿੰਟੂ ਪਾਰਕ ਦੇ ਹਾਲ ਵਿਚ ਬਠਿੰਡਾ ਦੇ ਗ਼ਜ਼ਲਕਾਰ ਰਣਵੀਰ ਰਾਣਾ ਦੀ ਗ਼ਜ਼ਲਾਂ ਦੀ ਪੁਸਤਕ ‘ਦਰਦ ਦਾ ਦਰਿਆ’ ‘ਤੇ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਪੇਪਰ ਪੜ੍ਹਦਿਆਂ ਨਾਮਵਰ ਆਲੋਚਕ ਨਿਰੰਜਨ ਬੋਹਾ ਨੇ ਕਿਹਾ ਕਿ ਰਾਣਾ ਲਿਤਾੜੀ ਹੋਈ ਧਿਰ ਦਾ ਸ਼ਾਇਰ ਹੈ । ਉਸਰੀਆਂ ਗ਼ਜ਼ਲਾਂ ਵਿਚ ਵਿਛੋੜੇ ਦਾ ਦਰਦ ਵੀ ਹੈ ਅਤੇ ਲੋਕ ਚੇਤਨਾ ਵੀ ।ਕਹਾਣੀਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਰਾਣਾ ਦੇ ਜੀਵਨ ਤੇ ਉਸਦੀਆਂ ਗ਼ਜ਼ਲਾਂ ਵਿਚ ਪਾੜਾ ਨਹੀਂ, ਉਹ ਲੋਕ ਚੇਤਨਾ ਨਾਲ ਲੈਸ ਹੈ, ਉਹਦੀਆਂ ਗ਼ਜ਼ਲਾਂ ਪਾਠਕਾਂ ਨੂੰ ਸਵੈਮਾਣ ਨਾਲ ਜਿਉਣਾ ਸਿਖਾਉਂਦੀਆਂ ਹਨ । ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਰਾਣਾ ਮਹਿੰਦਰ ਸਾਥੀ ਦੀ ਗ਼ਜ਼ਲ ਪ੍ਰੰਪਰਾ ਨੂੰ ਅੱਗੇ ਤੋਰਨ ਵਾਲਾ ਸ਼ਾਇਰ ਹੈ । ਉਹ ਵਜ਼ਨ ਬਹਿਰ ਵਿਚ ਪੂਰਾ ਹੈ ਤੇ ਗ਼ਜ਼ਲ ਬਾਰੇ ਬਹੁਪੱਖੀ ਸੂਝ ਰੱਖਦਾ ਹੈ। ਪੁਸਤਕ ਉੱਤੇ ਤੇਜਾ ਸਿੰਘ ਤਿਲਕ,ਮੇਜਰ ਸਿੰਘ ਜਗੜ੍ਹ, ਹਰਬੰਸ ਲਾਲ ਗਰਗ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਸਮਾਗਮ ਦੇ ਪ੍ਰਧਾਨਗੀ ਕਰਤਾ ਕਹਾਣੀਕਾਰ ਦਰਸ਼ਨ ਜੋਗਾ ਨੇ ਰਾਣੇ ਦੀ ਸ਼ਾਇਰੀ ਨੂੰ ਕਲਿਆਣਕਾਰੀ ਅਤੇ ਲੋਕ ਹਿਤਾਂ ਨੂੰ ਪੂਰਨ ਵਾਲੀ ਕਿਹਾ । ਉਨ੍ਹਾਂ ਰਾਣਾ ਦੀ ਸ਼ਾਇਰੀ ਸਮੇਂ ਦੇ ਹਾਣ ਦੀ ਗਰਦਾਨਦਿਆਂ ਕਿਹਾ ਕਿ ਉਸਦੀਆਂ ਗ਼ਜ਼ਲਾਂ ਪਾਠਕਾਂ ਦੇ ਸਮਝ ਆਉਣ ਵਾਲੀਆਂ ਹਨ । ਉਹ ਆਪਣੀ ਗੱਲ ਨੂੰ ਬਿੰਬਾਂ ਪ੍ਰਤੀਕਾਂ ਵਿਚ ਨਹੀਂ ਉਲਝਾਉਂਦਾ । ਉਸਦੇ ਸ਼ਿਅਰ ਸਰਲ ਹੁੰਦੇ ਨੇ । ਬੁਝਾਰਤ ਵਾਂਗ ਬੁਝਣੇ ਨਹੀਂ ਪੈਂਦੇ । ਰਾਣਾ ਨੇ ਦੱਸਿਆ ਕ ਉਹ ਦੀਪਕ ਜੈਤੋਈ ਗ਼ਜ਼ਲ ਸਕੂਲ ਦੇ ਵਿਦਿਆਰਥੀ ਹਨ । ਉਹ ਸਿਰਫ਼ ਲਿਖਣ ਲਈ ਨਹੀਂ ਲਿਖਦੇ, ਸਗੋਂ ਇਕ ਬਹੁਤ ਵੱਡਾ ਸਮਾਜਿਕ ਫ਼ਰਜ਼ ਸਮਝ ਕੇ ਲਿਖਣ ਕਾਰਜ ਕਰਦੇ ਹਨ । ਉਹ ਕਿਸੇ ਵੀ ਸਮਾਜ ਵਿਰੋਧੀ ਵਰਤਾਰੇ ਨਾਲ ਸਮਝੌਤਾ ਨਹੀਂ ਕਰਦੇ, ਸਗੋਂ ਨਿਧੜਕ ਆਪਣੇ ਮਨ ਦੀ ਗੱਲ ਕਹਿੰਦੇ ਹਨ। ਪ੍ਰਧਾਨਗੀ ਮੰਡਲ ਨੂੰ ਸਨਮਾਨਤ ਕਰਨ ਦੀ ਰਸਮ
ਮੰਚ ਦੇ ਪ੍ਰਧਾਨ ਜਗਜੀਤ ਗੁਰਮ, ਪਰਮ ਪਰਵਿੰਦਰ, ਜਗਮੇਲ ਸਿੱਧੂ,ਲਛਮਣ ਦਾਸ ਮੁਸਾਫ਼ਿਰ ਨੇ ਅਦਾ ਕੀਤੀ । ਕਵੀ ਦਰਬਾਰ ਵਿਚ ਮਾਲਵਿੰਦਰ ਸ਼ਾਇਰ, ਜਗਜੀਤ ਗੁਰਮ,ਗੁਰਪ੍ਰੀਤ ਗੈਰੀ, ਪਰਮ ਪਰਵਿੰਦਰ, ਤੇਜਿੰਦਰ ਸਿੰਘ ਚੰਡਿਹੋਕ, ਮੇਜਰ ਸਿੰਘ ਦਾਨਗੜ੍ਹ ਅਤੇ ਲਵਪ੍ਰੀਤ ਧੌਲਾ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਡਾ. ਸੁਰਿੰਦਰ ਸਿੰਘ ਭੱਠਲ, ਮੇਜਰ ਸਿੰਘ ਗਿੱਲ,ਰਾਮ ਸਰੂਪ ਸ਼ਰਮਾ ਅਤੇ ਰਾਜਿੰਦਰ ਸ਼ੌਂਕੀ ਨੇ ਗੀਤ ਕਵਿਤਾਵਾਂ ਪੇਸ਼ ਕੀਤੀਆਂ। ਗ਼ਜ਼ਲ ਗਾਇਕ ਲਛਮਣ ਦਾਸ ਮੁਸਾਫ਼ਿਰ ਤੇ ਪਾਲ ਸਿੰਘ ਲਹਿਰੀ ਨੇ ਗ਼ਜ਼ਲਾਂ ਗਾਈਆਂ । ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਗਜੀਤ ਗੁਰਮ ਨੇ ਸਭਨਾਂ ਦਾ ਧੰਨਵਾਦ ਕੀਤਾ।

Latest News, Punjab News, read most reliable Punjabi Khabran on website World Media USA

Tags :